ਕੀ ਪੰਜਾਬ ਵਿੱਚ ਵੀ ਹੋ ਸਕਦੀ ਹੈ ਸੇਬਾਂ ਦੀ ਖੇਤੀ, ਜਾਣੋ ਸੱਚਾਈ

ਪਿਛਲੇ ਦਿਨੀਂ ਅਖਬਾਰਾਂ ਵਿਚ ਇਹ ਖਬਰਾਂ ਵੱਡੀ ਪੱਧਰ ‘ਤੇ ਛਪ ਕੇ ਸਾਹਮਣੇ ਆਈਆਂ ਕਿ ਪੰਜਾਬ ਦੇ ਕੰਢੀ ਖੇਤਰ ਵਿਚ ਸੇਬਾਂ ਦੀ ਖੇਤੀ ਦਾ ਸਫ਼ਲ ਤਜਰਬਾ ਹੋ ਰਿਹਾ ਹੈ। ਕਣਕ-ਝੋਨੇ ਦੇ ਫ਼ਸਲੀ ਚੱਕਰ ਦਾ ਬਦਲ ਭਾਲਦੇ ਕਿਸਾਨਾਂ ਸਾਹਮਣੇ ਨਵੀਆਂ ਸੰਭਾਵਨਾਵਾਂ ਇਸ ਖਬਰ ਨਾਲ ਉਜਾਗਰ ਹੋਣ ਲੱਗੀਆਂ। ਯੂਨੀਵਰਸਿਟੀ ਦੇ ਮਾਹਿਰਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਖੋਜ ਵਿਚੋਂ ਪ੍ਰਾਪਤ ਸਿੱਟਿਆਂ ਦੇ ਅਧਾਰ ‘ਤੇ ਕੁਝ ਸਿਫ਼ਾਰਸ਼ਾਂ ਕੀਤੀਆਂ।

ਪੰਜਾਬ ਦੇ ਪ੍ਰਸਿੱਧ ਫ਼ਲ ਵਿਗਿਆਨੀਆਂ ਬਾਗਬਾਨੀ ਦੇ ਐਡੀਸ਼ਨਲ ਡਾਇਰੈਕਟਰ ਖੋਜ ਡਾ: ਐਮ. ਆਈ. ਐਸ. ਗਿੱਲ ਅਤੇ ਬਾਗਬਾਨੀ ਵਿਭਾਗ ਦੇ ਮੁਖੀ ਡਾ: ਹਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਸੇਬਾਂ ਦੀ ਖੇਤੀ ਦੇ ਸਬੰਧ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲਗਾਤਾਰ ਖੋਜ ਕਰਦੀ ਰਹੀ ਹੈ ਅਤੇ ਉਨ੍ਹਾਂ ਦੀਆਂ ਲੱਭਤਾਂ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਪੰਜਾਬ ਵਿਚ ਸੇਬਾਂ ਦੀ ਖੇਤੀ ਵਿਚ ਕਿਸਾਨਾਂ ਨੂੰ ਬਿਲਕੁਲ ਰੁਚੀ ਨਹੀਂ ਲੈਣੀ ਚਾਹੀਦੀ ਕਿਉਂਕਿ ਇਸ ਦੀ ਸਫਲਤਾ ਦੀ ਕੋਈ ਸੰਭਾਵਨਾ ਨਹੀਂ ਹੈ।

ਸੇਬ ਆਪਣੇ ਸਵਾਦ ਅਤੇ ਗੁਣਾਂ ਕਰਕੇ ਫ਼ਲਾਂ ਦੇ ਖੇਤਰ ਵਿਚ ਬਿਨਾਂ ਸ਼ੱਕ ਸਿਖਰਲਾ ਦਰਜਾ ਹਾਸਲ ਕਰ ਕੇ ਹਰ ਵਰਗ ਦੀ ਪਹਿਲੀ ਪਸੰਦ ਬਣਿਆ ਹੈ ਪਰ ਇਸ ਦੀ ਖੇਤੀ ਲਈ ਬਹੁਤ ਠੰਢੇ ਜਲਵਾਯੂ ਅਤੇ ਘੱਟ ਤਾਪਮਾਨ ਵਾਲੇ ਮੌਸਮ ਦੀ ਲੋੜ ਹੁੰਦੀ ਹੈ। ਆਮ ਤੌਰ ‘ਤੇ ਸੱਤ ਦਰਜਾ ਸੈਂਟੀਗ੍ਰੇਡ ਤੋਂ ਹੇਠਾਂ ਦੇ ਤਾਪਮਾਨ ਵਿਚ ਹੀ ਫ਼ਲਾਂ ਦੀ ਖੇਤੀ ਕੀਤੀ ਜਾ ਸਕਦੀ ਹੈ। ਇਸੇ ਲਈ ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਉੱਪਰਲੇ ਪਹਾੜੀ ਖੇਤਰਾਂ ਵਿਚ ਸੇਬਾਂ ਦੀ ਰਵਾਇਤੀ ਖੇਤੀ ਕੀਤੀ ਜਾਂਦੀ ਰਹੀ ਹੈ। ਇਸ ਦੇ ਨਾਲ ਵਿਗਿਆਨੀਆਂ ਨੇ ਮੁਕਾਬਲਤਨ ਜ਼ਿਆਦਾ ਤਾਪਮਾਨ ਵਿਚ ਪੈਦਾ ਹੋ ਸਕਣ ਵਾਲੀਆਂ ਸੇਬਾਂ ਦੀਆਂ ਕਿਸਮਾਂ ਦੀ ਖੋਜ ਲਈ ਕੋਸ਼ਿਸ਼ਾਂ ਵੀ ਕੀਤੀਆਂ ਹਨ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸੇਬਾਂ ਦੀ ਖੇਤੀ ਦੇ ਪ੍ਰਸਾਰ ਦੇ ਸਬੰਧ ਵਿਚ 2012 ਤੋਂ ਆਪਣੀ ਖੋਜ ਜਾਰੀ ਰੱਖੀ ਹੋਈ ਹੈ। 2014 ਵਿਚ ਭਾਰਤ ਅਤੇ ਵਿਦੇਸ਼ ਦੀਆਂ 29 ਹੋਰ ਕਿਸਮਾਂ ਇਸ ਖੋਜ ਵਿਚ ਸ਼ਾਮਿਲ ਕੀਤੀਆਂ ਗਈਆਂ। ਇਨ੍ਹਾਂ ਵਿਚੋਂ ਘੱਟ ਠੰਢੇ ਮੌਸਮ ਵਿਚ ਪੈਦਾ ਹੋਣ ਵਾਲੀਆਂ ਪ੍ਰਮੁੱਖ ਕਿਸਮਾਂ ਜਿਵੇਂ ਕ੍ਰਿਸਪ ਪਿੰਕ, ਲਿਬਰਟੀ, ਸਤਾਇਮ, ਫਿਊਜ਼ੀ, ਗਾਲ੍ਹਾ, ਗਰੈਨੀ ਸਮਿਥ, ਹਨੀ ਕ੍ਰਿਸਪ, ਅਮਰੀਕਾ ਤੋਂ ਸੀਏਰਾ ਬਿਊਟੀ, ਐਨਾ, ਗੋਲਡਨ ਡੋਰਸੈਟ, ਸ਼ਿਲੋਮਿਟ, ਸਕਾਰਲਟ ਗਾਲ੍ਹਾ, ਟਰੌਪੀਕਲ ਬਿਊਟੀ ਅਤੇ ਸ੍ਰੀਨਗਰ ਦੇ ਸੀਆਈਟੀਐਚ ਤੋਂ ਮੌਲੀਸ ਡਿਲੀਸ਼ਸ ਹਨ। ਪੀ.ਏ.ਯੂ. ਸਮੇਤ ਚਾਰੇ ਖੋਜ ਕੇਂਦਰਾਂ ਗੁਰਦਾਸਪੁਰ, ਬੱਲੋਵਾਲ ਸੌਂਖੜੀ, ਕੇਵੀਕੇ ਪਠਾਨਕੋਟ ਅਤੇ ਫ਼ਲ ਖੋਜ ਕੇਂਦਰ ਗੰਗੀਆ ਵਿਚ ਇਹ ਖੋਜ ਨਿਰੰਤਰ ਜਾਰੀ ਹੈ।

ਨਾਸ਼ਪਾਤੀ ਜਿਹੇ ਫ਼ਲਾਂ ਦੇ ਮੁਕਾਬਲੇ ਸੇਬ ਬਾਗ ਲਗਾਉਣ ਤੋਂ ਤਿੰਨ ਸਾਲ ਬਾਅਦ ਫ਼ਲ ਦੇਣ ਲੱਗਦਾ ਹੈ ਅਤੇ ਚਾਰ ਤੋਂ ਪੰਜ ਸਾਲ ਬਾਅਦ ਵਪਾਰਕ ਉਤਪਾਦਨ ਦਾ ਹਿੱਸਾ ਬਣਦਾ ਹੈ। ਪੰਜਾਬ ਦੇ ਅਰਧ ਗਰਮ ਜਲਵਾਯੂ ਵਿਚ ਫਰਵਰੀ ਦੇ ਮਹੀਨੇ ਵਿਚ ਸੇਬਾਂ ਦੇ ਪੌਦਿਆਂ ਉੱਪਰ ਫ਼ਲ ਆਉਂਦੇ ਹਨ। ਮੁੱਢਲੇ ਤੌਰ ‘ਤੇ ਫ਼ਲ ਦੇ ਵਿਕਾਸ ਲਈ ਇਹ ਤਾਪਮਾਨ ਢੁੱਕਵਾਂ ਹੁੰਦਾ ਹੈ ਪਰ ਜਿਵੇਂ ਜਿਵੇਂ ਤਾਪਮਾਨ ਮਈ ਅਤੇ ਜੂਨ ਦੇ ਮਹੀਨਿਆਂ ਵਿਚ ਵਧਦਾ ਹੈ ਫ਼ਲ ਦੇ ਵਿਕਾਸ ਸਬੰਧੀ ਅਸਲੀ ਸਮੱਸਿਆ ਸਾਹਮਣੇ ਆਉਣ ਲੱਗਦੀ ਹੈ। ਸਖ਼ਤ ਗਰਮੀ ਵਿਚ ਸਿਹਤਮੰਦ ਫ਼ਲਾਂ ਦਾ ਵਿਕਾਸ ਪੰਜਾਬ ਵਿਚ ਸੰਭਵ ਨਹੀਂ ਹੋ ਸਕਦਾ।

Leave a Reply

Your email address will not be published. Required fields are marked *