ਖੁਸ਼ਖਬਰੀ! ਪੰਜਾਬ ਸਰਕਾਰ ਵੱਲੋਂ ਪਸ਼ੂਪਾਲਕ ਕਿਸਾਨਾਂ ਨੂੰ ਮਿਲੇਗੀ ਇਹ ਵੱਡੀ ਰਾਹਤ

ਪੰਜਾਬ ਦੇ ਪਸ਼ੂਪਾਲਕ ਕਿਸਾਨਾਂ ਨੂੰ ਸਰਕਾਰ ਵੱਲੋਂ ਇੱਕ ਵੱਡੀ ਰਾਹਤ ਮਿਲਣ ਜਾ ਰਹੀ ਹੈ। ਦਰਅਸਲ ਪਸ਼ੂ ਪਾਲਕਾਂ ਨੂੰ ਹੁਣ ਤੱਕ ਆਪਣੇ ਪਸ਼ੂਆਂ ਦੀ ਢੋਆ-ਢੁਆਈ ਲਈ ਇਤਰਾਜਹੀਣਤਾ ਸਰਟੀਫਿਕੇਟ ਲੈਣ ਲਈ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਕਾਫੀ ਧੱਕੇ ਖਾਣੇ ਪੈਂਦੇ ਹਨ, ਫਿਰ ਜਾਕੇ ਉਨ੍ਹਾਂ ਨੂੰ ਸਰਟੀਫਿਕੇਟ ਪ੍ਰਾਪਤ ਹੁੰਦਾ ਸੀ। ਪਰ ਹੁਣ ਇਹ ਇਤਰਾਜ਼ਹੀਣਤਾ ਸਰਟੀਫਿਕੇਟ ਡਿਪਟੀ ਕਮਿਸ਼ਨਰਾਂ ਦੀ ਬਜਾਏ ਵੈਟਰਨਰੀ ਅਫਸਰਾਂ ਦੁਆਰਾ ਜਾਰੀ ਕੀਤਾ ਜਾਣ ਲੱਗੇਗਾ।

ਜਿਸ ਕਾਰਨ ਹੁਣ ਪਸ਼ੂ ਪਾਲਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਤੇ ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਪਸ਼ੂ ਪਾਲਕਾਂ ਨੂੰ ਆਪਣੇ ਹੀ ਪਸ਼ੂਆਂ ਦੀ ਢੋਆ-ਢੁਆਈ ਲਈ ਡਿਪਟੀ ਕਮਿਸ਼ਨਰ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਲੈਣਾ ਪੈਂਦਾ ਸੀ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ।

ਪਰ ਹੁਣ ਪਸ਼ੂ ਪਾਲਕਾਂ ਇਸ ਸਰਟੀਫਿਕੇਟ ਲਈ ਜਿਆਦਾ ਖੱਜਲ ਨਹੀਂ ਹੋਣਾ ਪਵੇਗਾ ਕਿਉਂਕਿ ਇਸ ਖੱਜਲ-ਖੁਆਰੀ ਨੂੰ ਦੂਰ ਕਰਨ ਲਈ ਵੈਟਰਨਰੀ ਅਫ਼ਸਰਾਂ ਇਹ ਇਤਰਾਜ਼ਹੀਣਤਾ ਸਰਟੀਫਿਕੇਟ ਜਾਰੀ ਕਰਨ ਦੇ ਅਧਿਕਾਰ ਦਿੱਤੇ ਜਾ ਰਹੇ ਹਨ। ਨਾਲ ਹੀ ਬਾਜਵਾ ਨੇ ਇਹ ਵੀ ਕਿਹਾ ਕਿ ਇਹ ਫੈਸਲਾ ਗੁਆਂਢੀ ਸੂਬੇ ਹਰਿਆਣਾ ਦੀ ਤਰਜ਼ ’ਤੇ ਲਿਆ ਗਿਆ ਹੈ ਅਤੇ ਜਲਦ ਹੀ ਇਸ ਫ਼ੈਸਲੇ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਨਾ ਪਸ਼ੂ ਪਾਲਕਾਂ ਦੀ ਖੱਜਲ-ਖੁਆਰੀ ਘਟਣ ਦੇ ਨਾਲ ਨਾਲ ਸੂਬੇ ਵਿੱਚ ਪਸ਼ੂਆਂ ਦਾ ਵਪਾਰ ਵੀ ਵਧੇਗਾ ਜਿਸ ਕਾਰਨ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਨੂੰ ਪਸ਼ੂਆਂ ਦੀ ਬਿਮਾਰੀ ਮੁਕਤ ਕਰਨ ਲਈ ਮੂੰਹ ਖੁਰ ਤੇ ਗਲ-ਘੋਟੂ ਦੇ ਮੁਫ਼ਤ ਟੀਕੇ ਲਾਏ ਜਾ ਰਹੇ ਹਨ। ਜਿਸ ਨਾਲ ਪਸ਼ੂ ਪਾਲਕ ਮੁਫ਼ਤ ਵਿੱਚ ਆਪਣੇ ਪਸ਼ੂਆਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾ ਸਕਦੇ ਹਨ।