ਦੁਨੀਆਂ ਵਿਚ ਸਭ ਤੋਂ ਵੱਧ ਤੰਦਰੁਸਤ ਹਨ ਸਪੇਨ ਦੇ ਲੋਕ, ਜਾਣੋ ਕੀ ਹੈ ਉਨ੍ਹਾਂ ਦੀ ਤੰਦਰੁਸਤੀ ਦਾ ਰਾਜ

ਇਟਲੀ ਸਿਰਫ਼ ਬਿਨਾਂ ਪੇਪਰਾਂ ਦੇ ਵਿਦੇਸ਼ੀਆਂ ਨੂੰ ਪਨਾਹ ਦੇਣ ‘ਚ ਹੀ ਸਿਰਮੌਰ ਨਹੀਂ ਸਗੋਂ ਦੁਨੀਆਂ ਦਾ ਦੂਜਾ ਅਜਿਹਾ ਦੇਸ਼ ਹੈ ਜਿਹੜਾ ਕਿ ਆਪਣੇ ਬਾਸਿੰਦਿਆਂ ਨੂੰ ਚੁਸਤ ਤੇ ਦਰੁੱਸਤ ਰੱਖਦਾ ਹੈ। ਬਲੂਮਬਰਗ ਹੈਲਥਇਸਟ ਕੰਟਰੀ ਇੰਡੈੱਕਸ ਨੇ ਸੰਨ 2019 ਦੇ ਸਰਵੇਖਣ ਦੇ ਅਨੁਸਾਰ ਦੁਨੀਆਂ ਦੇ ਸਭ ਤੋ ਤੰਦਰੁਸਤ ਦੇਸ਼ਾਂ ‘ਚ ਪਹਿਲਾਂ ਨੰਬਰ ਸਪੇਨ ਨੂੰ ਦਿੱਤਾ ਹੈ,

ਜਦੋਂ ਕਿ ਦੂਜਾ ਨੰਬਰ ਪੰਜਾਬੀਆਂ ਦੇ ਮਹਿਬੂਬ ਦੇਸ਼ ਇਟਲੀ ਨੂੰ ਦਿੱਤਾ ਗਿਆ ਹੈ।  ਦੁਨੀਆ ਦੇ 169 ਦੇਸ਼ਾਂ ਦੇ ਸਰਵੇ ਅਨੁਸਰ ਸਪੇਨ ਨੂੰ 100 ਵਿੱਚੋਂ 92.8 ਨੰਬਰ ਮਿਲੇ ਹਨ ਜਦੋਂ ਕਿ ਇਟਲੀ ਨੂੰ 91.59 ਨੰਬਰ ਮਿਲੇ ਹਨ।

ਇਟਲੀ ਤੋਂ ਬਾਅਦ ਤੀਜੇ ਨੰਬਰ ਤੇ ਆਇਸਲੈਂਡ ਹੈ, ਜਿਸ ਨੂੰ 91.44 ਨੰਬਰ ਮਿਲੇ ਹਨ।ਸਰਵੇ ਅਨੁਸਾਰ ਸਪੇਨ ਪਹਿਲੇ, ਇਟਲੀ ਦੂਜੇ ਅਤੇ ਆਈਸਲੈਂਡ ਨੂੰ ਤੀਜਾ,ਜਪਾਨ ਨੂੰ ਚੌਥਾ,ਸਵਿਟਜ਼ਰਲੈਂਡ ਨੂੰ ਪੰਜਵਾਂ, ਸਵੀਡਨ ਨੂੰ ਛੇਵਾਂ, ਅਸਟਰੇਲੀਆ ਨੂੰ ਸੱਤਵਾਂ, ਸਿੰਘਾਪੁਰ ਨੂੰ ਅੱਠਵਾਂ, ਨਾਰਵੇ ਨੂੰ ਨੌਵਾਂ ਅਤੇ ਇਜ਼ਰਾਇਲ ਨੂੰ ਦਸਵਾਂ ਸਥਾਨ ਹਾਸਿਲ ਹੋਇਆ ਹੈ।

ਗਿਆਰਵਾਂ ਸਥਾਨ ਲੈਕਸਮਬੁਰਗ, ਬਾਰਵਾਂ ਸਥਾਨ ਫਰਾਂਸ, ਤੇਰਵਾਂ ਸਥਾਨ ਅਸਟਰੀਆ,ਚੌਦਵਾਂ ਸਥਾਨ ਇੰਨਲੈਂਡ, ਪੰਦਰਵਾਂ ਸਥਾਨ ਨੀਦਰਲੈਂਡ, ਸੋਲਵਾਂ ਸਥਾਨ ਕੈਨੇਡਾ, ਸਤਾਰਵਾਂ ਸਥਾਨ ਐਸ. ਕੋਰੀਆ, ਅਠਾਰਵਾਂ ਸਥਾਨ ਨਿਊਜ਼ੀਲੈਂਡ, ਉਂਨੀਵਾਂ ਸਥਾਨ ਇੰਗਲੈਂਡ ਅਤੇ ਵੀਹਵਾਂ ਸਥਾਨ ਆਇਰਲੈਂਡ ਨੂੰ ਮਿਲਿਆ ਹੈ।

ਇਸ ਸਰਵੇ ਵਿਚ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦੁਨੀਆਂ ‘ਚ ਸਭ ਤੋਂ ਸ਼ਕਤੀਸ਼ਾਲੀ ਦੇਸ਼ ਕਹਾਉਣ ਵਾਲਾ ਅਮਰੀਕਾ ਤੰਦਰੁਸਤੀ ‘ਚ ਪਛੜ ਗਿਆ ਹੈ ਤੇ ਉਸ ਨੂੰ ਇਸ ਸਰਵੇ ‘ਚ 35ਵਾਂ ਸਥਾਨ ਮਿਲਿਆ ਹੈ।

ਸਪੇਨ ਅਤੇ ਇਟਲੀ ਜਿੱਥੋਂ ਦੇ ਫਲ, ਸਬਜ਼ੀਆਂ, ਪਨੀਰ ਅਤੇ ਜੈਤੂਨ ਦਾ ਤੇਲ ਲੋਕਾਂ ਦੀ ਖ਼ੁਰਾਕ ਦਾ ਮੁੱਖ ਹਿੱਸਾ ਹਨ ਉਹ ਬਿਮਾਰੀਆਂ ਨੂੰ ਪਛਾੜ ਅੱਗੇ ਆਏ ਹਨ । ਸਰਵੇ ਅਨੁਸਾਰ ਇੱਥੋਂ ਦੇ ਲੋਕਾਂ ‘ਚ ਦਿਲ ਅਤੇ ਹੋਰ ਗੰਭੀਰ ਰੋਗਾਂ ਦੀਆਂ ਬਿਮਾਰੀਆਂ ਹੋਰ ਦੇਸ਼ਾਂ ਨਾਲੋ ਕਾਫ਼ੀ ਘੱਟ ਹਨ।