50 ਬਕਸਿਆਂ ਤੋਂ ਸ਼ੁਰੂ ਕੀਤਾ ਸੀ ਮਧੂ ਮੱਖੀ ਪਾਲਣ ਦਾ ਕੰਮ ,ਹੁਣ ਹੋ ਰਹੀ ਹੈ 5-6 ਲੱਖ ਦੀ ਸ਼ੁੱਧ ਕਮਾਈ

ਸੰਗਰੂਰ ਜਿਲ੍ਹੇ ਦੇ ਪਿੰਡ ਕਾਂਝਲਾ ਦੇ ਵਸਨੀਕ ਜਗਦੀਪ ਸਿੰਘ ਅਤੇ ਜਗਤਾਰ ਸਿੰਘ ਦਾ, ਜੋ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਮਧੂ ਮੱਖੀ ਦੇ ਕਿੱਤੇ ਨਾਲ ਜੁੜ ਕੇ ਆਪਣੇ ਪਰਿਵਾਰ ਦਾ ਵਧੀਆ ਗੁਜ਼ਾਰਾ ਕਰ ਰਹੇ ਹਨ। ਉਹ ਸਾਰੇ ਖ਼ਰਚੇ ਕੱਢਕੇ ਸਾਲ ਵਿੱਚ 5-6 ਲੱਖ ਦੀ ਕਮਾਈ ਕਰ ਰਹੇ ਹਨ। ਉਨ੍ਹਾਂ ਵੱਲੋਂ 50-50 ਬਕਸਿਆਂ ਤੋਂ ਸ਼ੁਰੂ ਕੀਤਾ ਕੰਮ 1200 ਬਕਸਿਆਂ ਤੋਂ ਉੱਪਰ ਟੱਪ ਗਿਆ ਹੈ।

ਜਗਦੀਪ ਸਿੰਘ ਨੇ ਦੱਸਿਆ ਕਿ ਸਖ਼ਤ ਮਿਹਨਤ ਅਤੇ ਲਗਨ ਨਾਲ ਮਧੂ ਮੱਖੀ ਪਾਲਣ ਦੇ ਸਹਾਇਕ ਧੰਦੇ ਨੂੰ ਅਪਣਾ ਕੇ ਦੋਵਾਂ ਨੇ ਮੱਖੀ ਪਾਲਣ ਦੇ ਬਕਸਿਆਂ ਦੀ ਗਿਣਤੀ ਵਿੱਚ 1200-1200 ਤੱਕ ਵਾਧਾ ਕੀਤਾ। ਉਨ੍ਹਾਂ ਦੱਸਿਆ ਕਿ ਇਕ ਬਕਸੇ ਅੰਦਰ 10 ਫਰੇਮ ਲੱਗੇ ਹੁੰਦੇ ਹਨ ਜਿਸ ‘ਤੇ ਇਕ ਸੁਪਰ ਬਾਕਸ ਲਗਾ ਕੇ ਸ਼ਹਿਦ ਦੀ ਵਧੇਰੇ ਮਾਤਰਾ ਹਾਸਿਲ ਕੀਤੀ ਜਾ ਸਕਦੀ ਹੈ।

ਜਗਦੀਪ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਤੋਂ ਮਧੂ ਮੱਖੀ ਪਾਲਣ ਦੇ ਕਿੱਤੇ ਲਈ ਇਕ ਹਫ਼ਤੇ ਦੀ ਸਿਖਲਾਈ ਹਾਸਿਲ ਕੀਤੀ ਅਤੇ ਬਾਗਬਾਨੀ ਵਿਭਾਗ ਤੋਂ 50-50 ਬਕਸਿਆਂ ਦੇ ਹਿਸਾਬ ਨਾਲ ਦੋਵਾਂ ਨੇ 80-80 ਹਜ਼ਾਰ ਰੁਪਏ ਦੀ ਸਬਸਿਡੀ ਲੈ ਕੇ ਆਪਣੇ ਕਾਰੋਬਾਰ ਨੂੰ ਅਗਾਂਹ ਵਧਾਇਆ।

ਦੋਵੇਂ ਕਾਸ਼ਤਕਾਰਾਂ ਦਾ ਕਹਿਣਾ ਹੈ ਮੌਸਮ ਅਨੁਸਾਰ ਇਕ ਸਾਲ ਅੰਦਰ ਇਕ ਬਕਸੇ ਵਿੱਚੋਂ 35 ਤੋਂ 40 ਕਿਲੋ ਸ਼ਹਿਦ ਕੱਢਿਆ ਜਾ ਸਕਦਾ ਹੈ ਅਤੇ ਕਈਂ ਵਾਰ ਇਸ ਤੋਂ ਵੱਧ ਜਾਂ ਘੱਟ ਵੀ ਹੋ ਸਕਦਾ ਹੈ।ਕਾਸ਼ਤਕਾਰਾਂ ਨੇ ਦੱਸਿਆ ਕਿ ਉਹ ਸਮੇਂ-ਸਮੇਂ ‘ਤੇ ਵਿਭਾਗੀ ਸੇਧਾਂ ਅਤੇ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਰੱਖਦੇ ਹਨ।

ਜਗਤਾਰ ਸਿੰਘ ਨੇ ਦੱਸਿਆ ਕਿ ਬਕਸਿਆਂ ਨੂੰ ਫੁੱਲਾਂ ਦੇ ਮੌਸਮ ਦੇ ਹਿਸਾਬ ਨਾਲ ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਆਦਿ ਲੈ ਕੇ ਜਾਣਾ ਪੈਂਦਾ ਹੈ, ਜਿਸ ‘ਤੇ ਕਾਫ਼ੀ ਖਰਚਾ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਖਰਚੇ ਕੱਢਣ ਤੋਂ ਬਾਅਦ 1200 ਬਕਸਿਆਂ ਦੇ ਹਿਸਾਬ ਨਾਲ ਬਹੁਤ ਅਸਾਨੀ ਨਾਲ 5 ਤੋਂ 6 ਲੱਖ ਰੁਪਏ ਪ੍ਰਤੀ ਸਾਲ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਸ਼ਹਿਦ ਸਿਹਤ ਲਈ ਬਹੁਤ ਹੀ ਲਾਭਕਾਰੀ ਹੈ ਜਿਸ ਨੂੰ ਸੀਮਤ ਮਾਤਰਾ ਵਿੱਚ ਕੋਈ ਵੀ ਵਿਅਕਤੀ ਸਾਰਾ ਸਾਲ ਵਰਤੋਂ ਵਿੱਚ ਲਿਆ ਸਕਦਾ ਹੈ।ਉਨ੍ਹਾਂ ਦੱਸਿਆ ਕਿ ਮੱਖੀ ਪਾਲਣ ਨਾਲ ਸ਼ਹਿਦ ਉਤਪਾਦਨ ਤੋਂ ਬਿਨਾਂ ਰਾਣੀ ਮੱਖੀਆਂ ਤਿਆਰ ਕਰਨਾ, ਰਾਇਲ ਜੈਲੀ ਤਿਆਰ ਕਰਨਾ, ਪਰਾਗ (ਪੋਲਨ) ਤਿਆਰ ਕਰਨਾ, ਸ਼ਹਿਦ ਦੀਆਂ ਮੱਖੀਆਂ ਦਾ ਜ਼ਹਿਰ ਇਕੱਠਾ ਕਰਕੇ ਵੀ ਆਮਦਨ ਵਿੱਚ ਚੌਖਾ ਵਾਧਾ ਕੀਤਾ ਜਾ ਸਕਦਾ ਹੈ।

ਜ਼ਿਲ੍ਹੇ ਦੇ ਅਗਾਂਹਵਧੂ ਨੌਜਵਾਨਾਂ ਨੂੰ ਸਹਾਇਕ ਧੰਦਿਆਂ ਪ੍ਰਤੀ ਉਤਸ਼ਾਹਿਤ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ 300 ਤੋਂ ਜ਼ਿਆਦਾ ਲਾਭਪਾਤਰੀ ਇਸ ਕਿੱਤੇ ਨਾਲ ਜੁੜ ਕੇ ਵਧੀਆ ਆਮਦਨ ਕਮਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕਰੀਬ 45 ਹਜ਼ਾਰ ਮਧੂ ਮੱਖੀਆਂ ਦੇ ਬਕਸ਼ਿਆਂ ਰਾਹੀ ਕਾਸ਼ਤਕਾਰਾਂ ਵੱਲੋਂ 1100 ਮੀਟਰਕ ਟਨ ਸ਼ਹਿਦ ਦਾ ਉਤਪਾਦਨ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਮਧੂ ਮੱਖੀ ਦਾ ਕਿੱਤਾ ਅਪਨਾਉਣ ਲਈ 50 ਬਕਸਿਆਂ ‘ਤੇ ਮਧੂਮੱਖੀ ਪਾਲਕਾਂ ਨੂੰ 80 ਹਜ਼ਾਰ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।

Leave a Reply

Your email address will not be published. Required fields are marked *