ਜਾਣੋ ਕੀ ਹੈ ਮਾਸਾਨੋਬੂ ਫੁਕੂਓਕਾ ਦਾ ਕੁਦਰਤੀ ਖੇਤੀ ਦਾ ਜਾਪਾਨੀ ਮਾਡਲ

ਜ਼ਮੀਨ ਨੂੰ ਨਾ ਵਾਹੁਣਾ, ਬਹੁਤ ਘੱਟ ਪਾਣੀ ਲਾੳਣਾ, ਖਾਦਾਂ ਅਤੇ ਦਵਾਈਆਂ ਦੀ ਵਰਤੋਂ ਨਾ ਕਰਨ ਦੇ ਖੇਤੀਬਾੜੀ ਦੇ ਢੰਗ ਦਾ ਕਿਆਸ ਕਰਨਾ ਸਾਨੂੰ ਅੱਜ ਭਾਵੇਂ ਅਸੰਭਵ ਲੱਗਦਾ ਹੈ ਪਰ ਜਾਪਾਨ ਦਾ ਇਕ ਸੂਖਮਜੀਵ ਵਿਗਿਆਨੀ ਮਾਸਾਨੋਬੂ ਫੁਕੂਓਕਾ ਨੇ ਇਸ ਸਾਰੇ ਕੁਝ ਨੂੰ ਬੜੀ ਸਫ਼ਲਤਾ ਨਾਲ ਕੀਤਾ ਅਤੇ ਆਪਣੀਆਂ ਇਨ੍ਹਾਂ ਸਫ਼ਲਤਾਵਾਂ ਨੂੰ ਉਸ ਨੇ ਬੜੇ ਦਲੀਲਮਈ ਢੰਗ ਨਾਲ ਬਿਆਨ ਕੀਤਾ ਹੈ। ਉਹ ਲਿਖਦੇ ਹਨ ਜੰਗਲਾਂ ਦੇ ਹਰੇ ਕਚੂਰ ਰੁੱਖਾਂ ਪੌਦਿਆਂ ਦੀ ਜ਼ਮੀਨ ਨੂੰ ਕੌਣ ਵਾਹੁੰਦਾ ਹੈ? ਇਨ੍ਹਾਂ ਦੀ ਕਾਂਟ-ਛਾਂਟ ਕੌਣ ਕਰਦਾ ਹੈ? ਇਹ ਖਾਦਾਂ ਅਤੇ ਸਪਰੇਆਂ ਤੋਂ ਬਗੈਰ ਕਿਵੇਂ ਮੌਲਦੇ ਵਿਗਸਦੇ ਹਨ? ਹਰ ਰੁੱਤ ਵਿਚ ਵੱਖੋ-ਵੱਖਰੀ ਬਨਸਪਤੀ ਕਿਵੇਂ ਪੈਦਾ ਹੋ ਜਾਂਦੀ ਹੈ? ਇਸ ਤਰ੍ਹਾਂ ਖੇਤੀਬਾੜੀ ਦੇ ਹਰ ਪੱਖ, ਜ਼ਮੀਨ ‘ਤੇ ਰੁੱਤਾਂ ਮੌਸਮਾਂ ਦੇ ਪ੍ਰਭਾਵ, ਕੀੜੇ-ਮਕੌੜੇ ਅਤੇ ਉੱਲੀਆਂ ਬਾਰੇ ਉਸ ਨੇ ਬੜੇ ਵਿਸਥਾਰ ਨਾਲ ਲਿਖਿਆ ਹੈ।

ਉਸ ਦਾ ਖੇਤੀ ਦਾ ਇਹ ਨਿਵੇਕਲਾ ਮਾਡਲ ਚਾਰ ਤਰਜੀਹਾਂ ‘ਤੇ ਆਧਾਰਿਤ ਹੈ : 1. ਜ਼ਮੀਨ ਵਿਚ ਹਲ ਨਾ ਵਾਹੁਣਾ, 2. ਰਸਾਇਣਕ ਖਾਦ ਜਾਂ ਤਿਆਰ ਕੀਤੀ ਕੰਪੋਸਟ ਖਾਦ ਨਾ ਪਾਉਣਾ, 3. ਗੋਡੀ ਕਰਨ ਜਾਂ ਨਦੀਨਨਾਸ਼ਕਾਂ ਰਾਹੀਂ ਘਾਹ ਬੂਟੀ ਨਾ ਕੱਢਣਾ, 4. ਕਿਸੇ ਵੀ ਕਿਸਮ ਦੇ ਰਸਾਇਣਾਂ ਦੀ ਵਰਤੋਂ ਨਾ ਕਰਨਾ। ਖੇਤੀ ਨੂੰ ਲੱਗਣ ਵਾਲੀਆਂ ਉੱਲੀਆਂ, ਹਾਨੀਕਾਰਕ ਕੀੜਿਆਂ ਅਤੇ ਨਦੀਨਾਂ ਨਾਲ ਕਿਵੇਂ ਨਿਪਟਣਾ ਹੈ ਇਸ ਸਭ ਕੁਝ ਦਾ ਖੁਲਾਸਾ ਇਸ ਕਿਤਾਬ “The One Straw Revolution ” (ਇਸ ਕਿਤਾਬ ਦਾ ਗੁਰਮੁਖੀ ਅਨੁਵਾਦ “ਕੱਖ ਤੋਂ ਕਰਾਂਤੀ ” ਹੈ) ਵਿਚ ਇਸ ਢੰਗ ਨਾਲ ਕੀਤਾ ਗਿਆ ਹੈ ਕਿ ਪੜ੍ਹ ਕੇ ਲਗਦਾ ਹੈ ਖੇਤੀਬਾੜੀ ਦੇ ਵਿਕਾਸ ਦੇ ਨਾਂਅ ‘ਤੇ ਜੋ ਲੁੱਟ ਹੁਣ ਤੱਕ ਕਿਸਾਨਾਂ ਦੀ ਹੁੰਦੀ ਰਹੀ ਹੈ, ਕਾਰਪੋਰੇਟ ਕੰਪਨੀਆਂ ਨੇ ਸਾਡੇ ਖੇਤੀ ਮਾਡਲ ਨੂੰ ਜਿਨ੍ਹਾਂ ਤਰਜੀਹਾਂ ‘ਤੇ ਤੋਰਿਆ ਹੈ ਉਹ ਆਪਣੇ-ਆਪ ਵਿਚ ਇਕ ਬਹੁਤ ਵੱਡਾ ਘੁਟਾਲਾ ਪ੍ਰਤੀਤ ਹੁੰਦਾ ਹੈ। ਜਿਸ ਦਾ ਬਹੁਗਿਣਤੀ ਨੂੰ ਅੱਜ ਤੱਕ ਵੀ ਅਹਿਸਾਸ ਨਹੀਂ।

ਅੱਜ ਅਸੀਂ ਜੇਕਰ ਖੇਤਾਂ ਨੂੰ ਨਾ ਵਾਹੁਣ ਅਤੇ ਰਸਾਇਣਾਂ ਦੀ ਵਰਤੋਂ ਤੋਂਂ ਬਗੈਰ ਖੇਤੀ ਕਰਨ ਦੀ ਗੱਲ ਕਰੀਏ ਤਾਂ ਇਹ ਅਟਪਟੀ ਜਿਹੀ ਅਤੇ ਅਣਹੋਣੀ ਜਿਹੀ ਗੱਲ ਲਗਦੀ ਹੈ। ਆਪਣੇ ਕੁਦਰਤੀ ਖੇਤੀ ਕਰਨ ਦੇ ਤਜਰਬੇ ਦੌਰਾਨ ਅਜਿਹਾ ਕੁਝ ਹੀ ਫੁਕੂਓਕਾ ਨਾਲ ਵੀ ਹੋਇਆ। ਸ਼ੁਰੂਆਤੀ ਦੌਰ ਵਿਚ ਉਸ ਦੇ ਕੰਮ ਦੇ ਵੀ ਕੋਈ ਬਾਹਲੇ ਤਸੱਲੀਬਖਸ਼ ਨਤੀਜੇ ਨਹੀਂ ਸਨ। ਪਰ ਉਹ ਜਾਣਦੇ ਸਨ ਕਿ ਉਹ ਇਕ ਦਿਨ ਸਫ਼ਲ ਜ਼ਰੂਰ ਹੋਣਗੇ ਤੇ ਉਹ ਆਪਣੇ ਕੰਮ ਵਿਚ ਸਫ਼ਲ ਹੀ ਨਹੀਂ ਹੋਏ ਬਲਕਿ ਉਨ੍ਹਾਂ ਨੇ ਰਵਾਇਤੀ ਖੇਤੀਬਾੜੀ ਨਾਲੋਂ ਵੱਧ ਝਾੜ ਹਾਸਲ ਕੀਤੇ। ਫੁਕੂਓਕਾ ਨੇ ਆਪਣੇ ਨਿਵੇਕਲੇ ਕੁਦਰਤੀ ਖੇਤੀਬਾੜੀ ਮਾਡਲ ਸਬੰਧੀ ਅਖ਼ਬਾਰਾਂ ਤੇ ਮੈਗਜ਼ੀਨਾਂ ਵਿਚ ਲੇਖ ਵੀ ਦਿੱਤੇ ਪਰ ਉਨ੍ਹਾਂ ਦੇ ਕੰਮ ਨੂੰ ਕਿਸੇ ਨੇ ਬਾਹਲਾ ਗੰਭੀਰਤਾ ਨਾਲ ਨਹੀਂ ਲਿਆ। ਪਰ ਉਨ੍ਹਾਂ ਦੀ ਸਫ਼ਲਤਾ ਆਖ਼ਰ ਰੰਗ ਲਿਆਈ।

ਉਹ ਲਿਖਦੇ ਹਨ, ‘ਹੁਣ ਅਚਾਨਕ ਹਵਾ ਦਾ ਰੁਖ਼ ਬਦਲ ਗਿਆ ਜਾਪਦਾ ਹੈ। …….ਹੁਣ ਪੱਤਰਕਾਰਾਂ, ਪ੍ਰੋਫੈਸਰਾਂ ਅਤੇ ਤਕਨੀਕੀ ਖੋਜਾਰਥੀਆਂ ਦੇ ਝੁੰਡ ਮੇਰੇ ਖੇਤਾਂ ਨੂੰ ਵੇਖਣ ਅਤੇ ਪਹਾੜੀ ‘ਤੇ ਬਣੀਆਂ ਕੁੱਲੀਆਂ ਵਿਚ ਰਹਿਣ ਲਈ ਇੱਥੇ ਆਉਣ ਲੱਗ ਪਏ।’ ਇਸ ਤਰ੍ਹਾਂ ਫੁਕੂਓਕਾ ਦੇ ਇਸ ਨਿਵੇਕਲੇ ਖੇਤੀ ਕਰਨ ਦੇ ਢੰਗ ਦੀ ਚਰਚਾ ਪੂਰੀ ਦੁਨੀਆ ਵਿਚ ਹੋਈ ਅਤੇ ਉਹ ਵਿਗਿਆਨੀ ਜੋ ਖ਼ਤਰਨਾਕ ਕੀੜਿਆਂ ‘ਤੇ ਖੋਜ ਕਰ ਰਹੇ ਸਨ, ਨੇ ਇੱਥੇ ਮੰਨਿਆ ਕਿ ਧਰਤੀ ਦੇ ਜਿਸ ਰਕਬੇ ‘ਚ ਜਿੰਨੀ ਵੱਧ ਮਾਤਰਾ ਵਿਚ ਤੇਜ਼ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਹੁੰਦੀ ਹੈ, ਉੱਥੇ ਓਨੀਆਂ ਹੀ ਜ਼ਿਆਦਾ ਫ਼ਸਲਾਂ ਨੂੰ ਬਿਮਾਰੀਆਂ ਲਗਦੀਆਂ ਹਨ।

ਅਨੁਵਾਦਕ ਅਨੁਸਾਰ, ‘ਦੂਜੀ ਵਿਸ਼ਵ ਜੰਗ ਤੋਂ ਬਾਅਦ ਜੰਗ ਵਿਚ ਵਰਤੇ ਜਾਣ ਵਾਲੇ ਰਸਾਇਣਾਂ ਦੀਆਂ ਫੈਕਟਰੀਆਂ ਵਿਹਲੀਆਂ ਹੋ ਗਈਆਂ। ਕਈ ਵੱਡੀਆਂ ਫੈਕਟਰੀਆਂ ਜੋ ਰਸਾਇਣਾਂ ਦੇ ਕਾਰੋਬਾਰ ਨਾਲ ਜੁੜੀਆਂ ਹੋਈਆਂ ਸਨ, ਆਪਣੇ ਵਾਧੂ ਮਾਲ ਲਈ ਨਵੀਂ ਮਾਰਕੀਟ ਲੱਭਣ ਲਈ ਮਜਬੂਰ ਸਨ। ਮੈਂਨਸੈਂਟੋ, ਡਿਊ ਪੋਂਟ, ਡਾਓ ਅਮਰੀਕਨ, ਸਾਇਨਾਮਿਡ ਵਰਗੀਆਂ ਕੰਪਨੀਆਂ ਨੇ ਜੰਗ ਵਿਚ ਅੰਨ੍ਹਾ ਪੈਸਾ ਕਮਾਉਣ ਤੋਂ ਬਾਅਦ ਭੋਲੇ-ਭਾਲੇ ਕਿਸਾਨਾਂ ‘ਤੇ ਰਸਾਇਣਕ ਖਾਦਾਂ ਬਣਾ ਕੇ ਲੱਦਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਨੂੰ ਕਿਸਾਨਾਂ ਨੇ ਖੇਤਾਂ ਵਿਚ ਪਾ ਕੇ ਆਪਣੀ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਨੂੰ ਮਾਰ ਲਿਆ।’ ਇਸ ਵਿਚ ਕੋਈ ਸ਼ੱਕ ਨਹੀਂ ਕਿ ਖੇਤੀਬਾੜੀ ਆਧੁਨਿਕ ਢੰਗ ਨਾਲ ਦੁਨੀਆ ਭਰ ਦੇ ਕਿਸਾਨਾਂ ਨੂੰ ਖੇਤੀਬਾੜੀ ਦਾ ਸਾਜ਼ੋ-ਸਾਮਾਨ ਅਤੇ ਰਸਾਇਣ ਵੇਚਣ ਵਾਲੇ ਤਾਂ ਮਾਲਾਮਾਲ ਹੋ ਗਏ ਪਰ ਖੇਤੀ ਕਰਨ ਵਾਲੇ ਕਿਸਾਨ ਅਤੇ ਮਜ਼ਦੂਰਾਂ ਦੀ ਹਾਲਤ ਪਤਲੀ ਤੋਂ ਹੋਰ ਪਤਲੀ ਹੋਣ ਲੱਗ ਪਈ। ਬੇਲੋੜੇ ਮਸ਼ੀਨੀਕਰਨ ਨੇ ਜਿੱਥੇ ਬਹੁਗਿਣਤੀ ਲੋਕਾਂ ਨੂੰ ਕਿਰਤ ਨਾਲੋਂ ਤੋੜ ਦਿੱਤਾ, ਉੱਥੇ ਹੱਦੋਂ ਵੱਧ ਰਸਾਇਣਾਂ ਦੀ ਵਰਤੋਂ ਨਾਲ ਸਰੀਰਕ ਅਤੇ ਮਾਨਸਿਕ ਵਿਗਾੜ ਪੈਦਾ ਹੋਣ ਲੱਗ ਪਏ।

ਇਹ ਠੀਕ ਹੈ ਇਸ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਕਿਸੇ ਵੀ ਦੇਸ਼ ਦੀ ਵਿਵਸਥਾ ਨੂੰ ਚਲਾਉਣ ਵਾਲੀਆਂ ਤਾਕਤਾਂ ਦੇ ਸਿਰ ਆਉਂਦੀ ਹੈ, ਇਹੋ ਤਾਕਤਾਂ ਹੀ ਹਨ ਜੋ ਆਮ ਲੋਕਾਂ ਨੂੰ ਉਨ੍ਹਾਂ ਰਾਹਾਂ ‘ਤੇ ਤੋਰਦੀਆਂ ਹਨ ਜੋ ਸਮਾਜ ਦੀ ਬਰਬਾਦੀ ਦਾ ਕਾਰਨ ਬਣਦੇ ਹਨ। ਇਸ ਦੇ ਬਾਵਜੂਦ ਸੱਚ ਇਹ ਵੀ ਹੈ ਕਿ ਧਰਤੀ ਦਾ ਹਰ ਮਨੁੱਖ ਕੁਦਰਤ ਦੇ ਇਸ ਪਸਾਰੇ ਵਿਚ ਆਪਣੀ ਬਣਦੀ ਭੂਮਿਕਾ ਨਿਭਾਉਂਦਾ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਸਾਡੀ ਇਹ ਭੂਮਿਕਾ ਸਾਰਥਕ ਕੁਦਰਤੀ ਅਤੇ ਮਾਨਵਵਾਦੀ ਹੋਵੇ। ਜੇਕਰ ਅੱਜ ਅਸੀਂ ਆਪਣੇ ਆਲੇ-ਦੁਆਲੇ ਪ੍ਰਤੀ ਸੁਚੇਤ ਨਾ ਹੋਏ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਇਹ ਸਵਾਲ ਜ਼ਰੂਰ ਕਰਨਗੀਆਂ ਕਿ ਜਦੋਂ ਤਬਾਹੀ ਦਾ ਮੰਜ਼ਰ ਸਿਰਜਿਆ ਜਾ ਰਿਹਾ ਸੀ ਤਾਂ ਤੁਸੀਂ ਸੰਵੇਦਨਹੀਣ ਕਿਉਂ ਹੋ ਗਏ ਸੀ?

ਲੇਖਕ ਗੁਰਚਰਨ ਸਿੰਘ ਨੂਰਪੁਰ