ਪੰਜਾਬ ਨੂੰ ਪਿੱਛਲੇ 52 ਸਾਲਾਂ ਵਿੱਚ ਪਏ ਘਾਟਿਆਂ ਉੱਤੇ ਇੱਕ ਨਜ਼ਰ

ਦੇਸ਼ ਨੂੰ ਆਜ਼ਾਦ ਕਰਨ ਦੇ ਨਾਲ ਹੀ ਬ੍ਰਿਟਿਸ਼ ਸਰਕਾਰ ਨੇ 15 ਅਗਸਤ 1947 ਈ. ਨੂੰ ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ— ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ । ਇਹ ਵੰਡ ਕੋਈ ਅਚਨਚੇਤ ਘਟਨਾ ਨਹੀਂ ਸੀ , ਸਗੋਂ ਇਸ ਦਾ ਲੰਬਾ ਇਤਿਹਾਸ ਹੈ । ਇਸ ਦਾ ਉਦਘਾਟਨ ਬ੍ਰਿਟਿਸ਼ ਸਰਕਾਰ ਦੀ ‘ ਫੁਟ ਪਾਓ ਤੇ ਰਾਜ ਕਰੋ ’ ਨੀਤੀ ਤੋਂ ਹੁੰਦਾ ਹੈ । ਜਿਉਂ ਜਿਉਂ ਵਖ-ਵਾਦੀ ਪਰਿਸਥਿਤੀਆਂ ਜਨਮ ਲੈਂਦੀਆਂ ਗਈਆਂ , ਵੰਡ ਦਾ ਸੰਕਲਪ ਦ੍ਰਿੜ੍ਹ ਹੁੰਦਾ ਗਿਆ ।

3 ਮਾਰਚ 1947 ਈ. ਨੂੰ ਪੰਜਾਬ ਦੇ ਮੁੱਖ ਮੰਤਰੀ ਖ਼ਿਜ਼ਰ ਹਯਾਤ ਖ਼ਾਨ ਨੇ ਅਸਤੀਫ਼ਾ ਦੇ ਦਿੱਤਾ । ਮੁਸਲਿਮ ਲੀਗ ਦੀ ਸਰਕਾਰ ਨ ਬਣ ਸਕਣ ਕਾਰਣ ਗਵਰਨਰ ਰਾਜ ਕਾਇਮ ਹੋਇਆ ਜਿਸ ਕਰਕੇ ਕਈ ਥਾਂਵਾਂ ਉਤੇ ਦੰਗੇ ਸ਼ੁਰੂ ਹੋ ਗਏ । ਇਨ੍ਹਾਂ ਦੰਗਿਆਂ ਦਾ ਸਭ ਤੋਂ ਭਿਆਨਕ ਰੂਪ ਰਾਵਲਪਿੰਡ ਜ਼ਿਲ੍ਹੇ ਵਾਲਿਆਂ ਨੂੰ ਵੇਖਣਾ ਪਿਆ । ਪੰਡਿਤ ਨਹਿਰੂ ਨੇ ਦੰਗਾ-ਪੀੜਿਤ ਇਲਾਕਿਆਂ ਦਾ ਦੌਰਾ ਕੀਤਾ ।

ਗ਼ੈਰ-ਮੁਸਲਮਾਨਾਂ ਨੇ ਪੰਜਾਬ ਦੇ ਬਟਵਾਰੇ ਦੀ ਮੰਗ ਕੀਤੀ ਜਿਸ ਨੂੰ ਕਾਂਗ੍ਰਸ ਕਮੇਟੀ ਨੇ ਪ੍ਰਵਾਨ ਕਰ ਲਿਆ । ਮਾਰਚ 1947 ਈ. ਵਿਚ ਲਾਰਡ ਵੇਵਲ ਦੀ ਥਾਂ’ ਤੇ ਲਾਰਡ ਮਾਊਂਟਬੈਟਨ ਹਿੰਦੁਸਤਾਨ ਦਾ ਵਾਇਸਰਾਏ ਬਣਿਆ । 3 ਜੂਨ 1947 ਈ. ਨੂੰ ਉਸ ਨੇ ਬ੍ਰਿਟਿਸ਼ ਸਰਕਾਰ ਦੀ ਮਨਜ਼ੂਰੀ ਲੈ ਕੇ ਹਿੰਦੁਸਤਾਨ ਦੀ ਦੋ ਰਾਜਾਂ ਵਜੋਂ ਵੰਡ ਕਰਨ ਦੀ ਘੋਸ਼ਣਾ ਕਰ ਦਿੱਤੀ ।

ਬੰਗਾਲ ਅਤੇ ਪੰਜਾਬ ਨੂੰ ਦੋ ਹਿੱਸਿਆਂ ਵਿਚ ਤਕਸੀਮ ਕੀਤਾ ਗਿਆ । ਪੰਜਾਬ ਦੇ ਦੋਹਾਂ ਹਿੱਸਿਆਂ ਦੀ ਸੀਮਾ ਨਿਰਧਾਰਿਤ ਕਰਨ ਲਈ ਰੈਡਕਲਿਫ਼ ਦੀ ਪ੍ਰਧਾਨਗੀ ਹੇਠ ‘ ਸੀਮਾ ਕਮਿਸ਼ਨ ’ ਬਣਾਇਆ ਗਿਆ । ਉਪਰੋਕਤ ਵੰਡ ਨਾਲ ਮੂਲ ਪੰਜਾਬ ਦਾ 62 ਪ੍ਰਤਿਸ਼ਤ ਖੇਤਰ ਪੱਛਮੀ ਪੰਜਾਬ ਨੂੰ ਗਿਆ ਅਤੇ 38 ਪ੍ਰਤਿਸ਼ਤ ਖੇਤਰ ਪੂਰਬੀ ਪੰਜਾਬ ਨੂੰ ਪ੍ਰਾਪਤ ਹੋਇਆ ।

ਇਸ ਬਟਵਾਰੇ ਦੇ ਫਲਸਰੂਪ ਦੋਹਾਂ ਪਾਸਿਆਂ ਦੇ ਵਸਨੀਕਾਂ ਨੂੰ 15 ਅਗਸਤ ਤੋਂ ਬਾਦ ਇਧਰ ਉਧਰ ਹਿਜਰਤ ਕਰਨੀ ਪਈ । ਇਕ ਅਨੁਮਾਨ ਅਨੁਸਾਰ ਲਗਭਗ ਤਿੰਨ ਲੱਖ ਲੋਗ ਸੰਪ੍ਰਦਾਇਕ ਦੰਗਿਆਂ ਅਤੇ ਆਵਾਜਾਈ ਦੀ ਜ਼ਹਿਮਤ ਕਾਰਣ ਮਾਰੇ ਗਏ ।

ਪੱਛਮੀ ਪੰਜਾਬ ਤੋਂ ਲਗਭਗ 38 ਲੱਖ ਗ਼ੈਰ-ਮੁਸਲਮਾਨ ਪੂਰਬੀ ਪੰਜਾਬ ਨੂੰ ਆਏ ਅਤੇ 44 ਲੱਖ ਮੁਸਲਮਾਨ ਪੱਛਮੀ ਪੰਜਾਬ ਨੂੰ ਗਏ । ਪੂਰਬੀ ਪੰਜਾਬ ਵਿਚ ਪੁਨਰਵਾਸ ਦੀ ਗੰਭੀਰ ਸਮਸਿਆ ਖੜੀ ਹੋ ਗਈ ਜਿਸ ਨੂੰ ਹੌਲੀ ਹੌਲੀ ਹਲ ਕਰ ਲਿਆ ਗਿਆ ।

Leave a Reply

Your email address will not be published. Required fields are marked *