ਕੀ ਨਵਜੋਤ ਸਿੱਧੂ ਹੋਣਗੇ ਪੰਜਾਬ ਦੇ ਅਗਲੇ ਮੁੱਖ ਮੰਤਰੀ? ਇਸ ਪਾਰਟੀ ਲਈ ਲੜ ਸਕਦੇ ਹਨ ਚੋਣ

ਨਵਜੋਤ ਸਿੱਧੂ ਅਕਸਰ ਸੁਰਖੀਆਂ ਵਿਚ ਰਹਿੰਦੇ ਆ ਰਹੇ ਹਨ, ਕਦੇ ਆਪਣੇ ਸ਼ਾਇਰਾਨਾ ਅੰਦਾਜ਼ ਕਾਰਨ ਅਤੇ ਕਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅਣਬਣ ਕਾਰਨ। ਪਰ ਇਸ ਵਾਰ ਸਿੱਧੂ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੀ ਦਾਅਵੇਦਾਰੀ ਨੂੰ ਲੈ ਕੇ ਸੁਰਖੀਆਂ ਵਿਚ ਹਨ। ਤੁਹਾਨੂੰ ਦੱਸ ਦੇਈਏ ਕਿ ਪਿੱਛੇ ਕਾਫੀ ਸਮੇਂ ਤੋਂ ਸਿੱਧੂ ਕਾਂਗਰਸ ਪਾਰਟੀ ਤੋਂ ਖਾਸਕਰ ਕੈਪਟਨ ਅਮਰਿੰਦਰ ਸਿੰਘ ਤੋਂ ਨਰਾਜ਼ ਚੱਲ ਰਹੇ ਹਨ, ਅਤੇ ਇਸੇ ਕਾਰਨ ਉਨ੍ਹਾਂ ਦਾ ਮੰਤਰੀ ਪਦ ਬਦਲ ਦਿੱਤਾ ਗਿਆ ਸੀ। ਪਰ ਉਨ੍ਹਾਂ ਨੇ ਉਸ ਸਮੇਂ ਨਵਾਂ ਅਹੁਦਾ ਸੰਭਾਲਣ ਤੋਂ ਮਨਾ ਕਰ ਦਿੱਤਾ ਸੀ।

ਇਸੇ ਕਾਰਨ ਹੁਣ ਦੂਸਰੀਆਂ ਪਾਰਟੀਆਂ ਸਿੱਧੂ ਨੂੰ ਆਪਣੇ ਵਿਚ ਸ਼ਾਮਿਲ ਕਰਨਾ ਚਾਹੁੰਦੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦਾ ਕਹਿਣਾ ਹੈ ਕਿ ਇਸ ਵਾਰ ਨਵਜੋਤ ਸਿੰਘ ਸਿੱਧੂ ਜਿਸ ਪਾਰਟੀ ਵਿੱਚ ਜਾਣਗੇ, ਉਸ ਪਾਰਟੀ ਦੀ ਹੀ ਪੰਜਾਬ ਵਿਚ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਸਾਡੇ ਸਤਿਕਾਰਯੋਗ ਮਿੱਤਰ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੀ ਅਗਵਾਈ ਕਰਨ।

ਯਾਨੀ ਕਿ ਬ੍ਰਹਮਪੁਰਾ ਨੇ ਸਿੱਧੂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ ਹੈ। ਅਤੇ ਨਾਲ ਹੀ ਉਨ੍ਹਾਂ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਟਕਸਾਲੀ ਦਲ ਵੱਲੋਂ ਸਿੱਧੂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਨਾਲ ਇਸ ਬਾਰੇ ਸਾਡੀ ਗੱਲ਼ਬਾਤ ਚੱਲ ਰਹੀ ਹੈ। ਇੰਨਾ ਹੀ ਨਹੀਂ ਟਕਸਾਲੀ ਦਲ ਦੇ ਪ੍ਰਧਾਨ ਬ੍ਰਹਮਪੁਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਕਰਦਿਆਂ ਕਿਹਾ, “ਉਹ 12 ਵਜੇ ਉੱਠਦਾ ਤੇ 3 ਵਜੇ ਸੌਂਦਾ ਹੈ। ਉਹ ਭਲਾ ਪੰਜਾਬ ਨੂੰ ਕਿਵੇਂ ਚਲਾਏਗਾ।”

ਨਾਲ ਹੀ ਉਨ੍ਹਾਂ ਆਪਣੀ ਪੁਰਾਣੀ ਪਾਰਟੀ ਅਕਾਲੀ ਦਲ ਤੇ ਨਿਸ਼ਾਨਾ ਲਾਉਂਦੇ ਇਹ ਵੀ ਕਿਹਾ ਕਿ ਹੁਣ ਅਕਾਲੀ-ਬੀਜੇਪੀ ਗਠਜੋੜ ਵੀ ਟੁੱਟਣ ਦੀ ਕਗਾਰ ਤੇ ਹੈ, ਕਿਉਂਕਿ ਅਕਾਲੀ ਦਲ ਦੀ ਬੀਜੇਪੀ ਨਾਲ ਲੜਾਈ ਨਾਗਰਿਕਤਾ ਕਾਨੂੰਨ ਕਰਕੇ ਨਹੀਂ ਸਗੋਂ ਸੀਟਾਂ ਦਾ ਝਗੜਾ ਸੀ। ਅਕਾਲੀ ਦਲ 8 ਸੀਟਾਂ ਮੰਗਦਾ ਸੀ ਪਰ ਬੀਜੇਪੀ ਇੱਕ ਦਿੰਦੀ ਸੀ। ਉਨ੍ਹਾਂ ਕਿਹਾ ਗੜ੍ਹਜੋੜ ਦੇ ਟੁੱਟਣ ਕਾਰਨ ਅਗਲੀਆਂ ਚੋਣਾਂ ਵਿੱਚ ਬੀਜੇਪੀ ਪੰਜਾਬ ਵਿੱਚ ਕਿਸੇ ਹੋਰ ਪਾਰਟੀ ਨਾਲ ਗੜ੍ਹਜੋੜ ਕਰੇਗੀ, ਕਿਉਂਕਿ ਪੰਜਾਬ ‘ਚ BJP ਇਕੱਲੇ ਚੋਣ ਨਹੀਂ ਲੜ ਸਕਦੀ। ਇਸੇ ਕਾਰਨ ਸਿੱਧੂ ਮੁੱਖ ਮੰਤਰੀ ਅਹੁਦੇ ਦੇ ਸਬਤੋਂ ਵੱਡੇ ਉਮੀਦਵਾਰ ਹੋਣਗੇ।

Leave a Reply

Your email address will not be published. Required fields are marked *