ਝੋਨੇ ਉਪਰ ਬਿਨਾ ਕਿਸੇ ਕੀਟਨਾਸ਼ਕ ਵਰਤੇ ਚੰਗਾ ਝਾੜ ਲੈ ਰਿਹਾ ਦਰਬਾਰਾ ਸਿੰਘ

ਮਾਨਸਾ ਜਿਲ੍ਹੇ ਦੇ ਪਿੰਡ-ਮੂਲਾ ਸਿੰਘ ਵਾਲਾ ਦਾ ਇਹ ਕਿਸਾਨ ਦਰਬਾਰਾ ਸਿੰਘ ਹੈ, ਇਹ ਕਿਸਾਨ  ਪਿਛਲੇ 3-4 ਸਾਲਾਂ ਤੋਂ ਝੋਨੇ ਦੀ ਫਸਲ ‘ਤੇ ਕੋਈ ਵੀ ਰਸਾਇਣਕ ਦਵਾਈ ਸਪਰੇਅ ਨਹੀਂ ਕਰਦਾ। ਪਿੱਛਲੇ ਸਾਲ ਵੀ ਆਪਣੀ ਝੋਨੇ ਦੀ ਫਸਲ ‘ਤੇ ਉਸਨੇ ਕੋਈ ਵੀ ਰਸਾਇਣਕ ਦਵਾਈ ਸਪਰੇਅ ਨਹੀਂ ਕੀਤੀ।ਉਹ ਖੇਤ ‘ਚ ਗਲੀ-ਸੜੀ ਰੂੜੀ ਦੀ ਖਾਦ ਪਾਉਂਦਾ ਹੈ ।ਜਿਸ ਸਾਲ ਬਾਸਮਤੀ ਲਾਉਂਦਾ ਹੈ । ਉਸ ਸਾਲ ਸਠੀ ਮੂੰਗੀ ਬੀਜ ਕੇ ਮੂੰਗੀ ਵੇਚਦਾ ਹੈ ਤੇ ਮੂੰਗੀ ਦਾ ਪਤਰਾਲ ਜਮੀਨ ‘ਚ ਵਿਚੇ ਵਾਹੁੰਦਾ ਹੈ।

ਪਹਿਲਾਂ ਉਹ ਝੋਨੇ ਨੂੰ 3-4 ਥੈਲੇ ਯੂਰੀਆ ਦੇ ਪਾਉਂਦਾ ਸੀ ਪਰ ਹੁਣ ਸਿਰਫ ਡੇਢ ਥੈਲਾ ਪਾਉਂਦਾ ਹੈ। ਝੋਨੇ ਦੀ ਫਸਲ ‘ਤੇ ਜਦੋਂ ਕੋਈ ਕੀੜਾ- ਪਤਾ ਲਪੇਟ ਸੁੰਡੀ ਜਾਂ ਗੋਭ ਵਾਲੀ ਸੁੰਡੀ ਆਉਂਦੀ ਹੈ ਤਾਂ ਉਹ ਅੰਦਾਜ਼ਾ ਲਾਉਂਦਾ ਹੈ ਕਿ ਕਿੰਨੇ ਕੁ ਬੂਟਿਆਂ ‘ਤੇ ਹਮਲਾ ਹੋਇਆ ਹੈ ਤੇ ਮੁੰਜਰਾਂ ਦੇ ਭਾਰ ਦੇ ਹਿਸਾਬ ਨਾਲ ਝੋਨੇ ਦਾ ਕਿੰਨਾ ਆਰਥਿਕ ਨੁਕਸਾਨ ਹੋ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਪਿਛਲੇ 3 ਸਾਲਾਂ ਤੋਂ ਉਸਨੂੰ ਕਦੇ ਵੀ ਨਹੀਂ ਲੱਗਿਆ ਕਿ ਨੁਕਸਾਨ ਐਨਾ ਹੋ ਰਿਹਾ ਹੈ ਕਿ ਉਸਨੂੰ ਸਪਰੇਅ ਕਰਨ ਦੀ ਲੋੜ ਮਹਿਸੂਸ ਹੋਵੇ।

ਪਿੱਛਲੇ ਸੀਜਨ ਜਦੋਂ ਦੂਸਰੇ ਕਿਸਾਨ ਝੋਨੇ ਤੇ ਉਪਰੋਕਤ ਸੁੰਡੀਆਂ ਦੇ ਮਾਮੂਲੀ ਹਮਲੇ ‘ਤੇ ਅੰਨ੍ਹੇਵਾਹ ਸਪਰੇਆਂ ਕਰ ਰਹੇ ਸਨ ਤਾਂ ਉਸਨੇ ਆਪਣੇ ਖੇਤ ‘ਚ ਬੂਟਿਆਂ ਦਾ ਅੰਦਾਜ਼ਾ ਲਗਾਇਆ ਜਿਨ੍ਹਾਂ’ਤੇ ਇਹ ਮਾਮੂਲੀ ਹਮਲਾ ਹੋਇਆ ਸੀ। ਇਹ ਬੂਟਿਆਂ ਦੀ ਗਿਣਤੀ ਅੰਦਾਜ਼ਨ 300 ਸੀ ਯਾਨੀ 300 ਮੁੰਜਰਾਂ ਜਾਂ 1200 ਗਰਾਮ ਯਾ 12 ਕਿਲੋ ਝੋਨੇ ਦਾ ਨੁਕਸਾਨ ਸੀ ਯਾਨੀ ਅੰਦਾਜ਼ਨ ਵਧ ਤੋਂ ਵਧ 200 ਰੁਪਏ ਦਾ ਨੁਕਸਾਨ ਹੋ ਰਿਹਾ ਸੀ।ਦਰਬਾਰਾ ਸਿੰਘ ਨੇ 400-500 ਰੁਪੈ ਦੀ ਸਪਰੇਅ ਨਾ ਕੀਤੀ ਸਗੋਂ ਹਮਲੇ ਵਾਲੇ ਖੇਤਰ ‘ਚ ਖਟੀ ਲਸੀ ਦੀ ਸਪਰੇਅ ਕਰ ਦਿੱਤੀ ਜਿਸ ਨਾਲ ਮਰੀ ਸੁੰਡੀ ਮਰ ਗਈ।

ਬਸ ਇਹੀ ਕਮਾਲ ਹੈ ਦਰਬਾਰੇ ਦਾ ਜਿਸ ਨਾਲ ਉਹ ਆਪਣੇ 16 ਏਕੜ ਦੇ ਝੋਨੇ ‘ਤੇ ਅੰਦਾਜ਼ਨ ਸਵਾ ਕੁ ਲਖ ਦੀ ਸਪਰੇਅ ਕਰਨ ਦੇ ਖਰਚੇ ਤੋਂ ਬਚ ਜਾਂਦਾ ਹੈ।ਇਹ ਖਰਚਾ ਪਹਿਲਾਂ ਹਰ ਸਾਲ ਉਹ ਆਪਣੇ ਝੋਨੇ ‘ਤੇ ਕਰਦਾ ਹੁੰਦਾ ਸੀ ਤੇ ਝੋਨੇ ਵਾਲਾ ਹਰ ਕਿਸਾਨ ਮਾਲਵਾ ਪੱਟੀ ਦੇ 7 ਜਿਲਿਆਂ ‘ਚ ਇਹ ਖਰਚਾ ਕਰ ਰਿਹਾ ਹੈ।

ਲੇਖਕ -ਖੇਤੀਬਾੜੀ ਵਿਕਾਸ ਅਫ਼ਸਰ ਹਰਵਿੰਦਰ ਸਿੰਘ ਸਿੱਧੂ

Leave a Reply

Your email address will not be published. Required fields are marked *